ਪੰਜਾਬ ਵਿੱਚ ਕੋਰੋਨਾ-19 ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਜੀਨੋਮ ਸੀਕੁਐਂਸਿੰਗ ਫੈਸਿਲਟੀ ਸ਼ੁਰੂ : ਬਲਬੀਰ ਸਿੱਧੂ

0
216
ਚੰਡੀਗੜ੍ਹ, 16 ਸਤੰਬਰ:
ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਾਈਰਲ ਰਿਸਰਚ ਡਾਗਨੌਸਟਿਕ ਲੈਬ (ਵੀ.ਆਰ.ਡੀ.ਐਲ.), ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਹੈ ਜੋ ਆਪਣੀ ਕਿਸਮ ਦੀ ਅਜਿਹੀ ਪਹਿਲੀ ਕੋਵਿਡ-19 ਜੀਨੋਮ ਸੀਕੁਐਂਸਿੰਗ ਫੈਸਿਲਟੀ ਵਾਲੀ ਲੈਬ ਹੈ। ਲੈਬ ਵਿੱਚ ਹੁਣ ਤੱਕ ਲਗਭਗ 150 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਵੀ ਨਮੂਨੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਪਛਾਣ ਨਹੀਂ ਹੋਈ।COVID-19 Genome Sequencing facility to identify new variants in Punjab: Balbir  Sidhu
ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਨਵੇਂ ਰੂਪਾਂ ਦੇ ਸ਼ੱਕੀ ਮਰੀਜ਼ਾਂ ਦੇ ਸਾਰੇ ਨਮੂਨੇ ਐਨ.ਸੀ.ਡੀ.ਐਸ. ਦਿੱਲੀ ਵਿਖੇ ਭੇਜੇ ਜਾਂਦੇ ਸਨ ਜਿੱਥੇ ਕੋਵਿਡ ਦੇ ਨਵੇਂ ਰੂਪਾਂ ਦੀ ਪੁਸ਼ਟੀ ਕਰਨ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗ ਜਾਂਦਾ ਸੀ। ਮਾਹਰਾਂ ਦੇ ਅਨੁਸਾਰ ਜੇਕਰ ਕਿਸੇ ਵਿਸ਼ੇਸ਼ ਖੇਤਰ ਵਿੱਚ ਕੋਵਿਡ ਦੇ ਨਵੇਂ ਰੂਪ ਦਾ ਕੋਈ ਮਾਮਲਾ ਪਾਇਆ ਜਾਂਦਾ ਹੈ ਤਾਂ ਵਾਇਰਸ ਦੇ ਫੈਲਾਅ ਨੂੰ ਹੋਰ ਅੱਗੇ ਰੋਕਣ ਲਈ ਸਾਰੇ ਸ਼ੱਕੀ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਅਤੇ ਟੈਸਟਿੰਗ ਕਰਨ ਦੀ ਤੁਰੰਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਜੀਨੋਮ ਸੀਕੁਐਂਸਿੰਗ ਫੈਸਿਲਟੀ ਦੀ ਉਪਲਬਧਤਾ ਨਾਲ ਰਿਪੋਰਟਾਂ ਹੁਣ 5 ਤੋਂ 6 ਦਿਨਾਂ ਵਿੱਚ ਮਿਲ ਰਹੀਆਂ ਹਨ।
ਇਸ ਸਹੂਲਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲੈਬਾਰਟਰੀ ਨੂੰ ਯੂ.ਕੇ. ਅਧਾਰਤ ਨਿਰਮਾਤਾ- ਆਕਸਫੋਰਡ ਨੈਨੋਪੋਰ ਵੱਲੋਂ ਵਿਕਸਤ ਕੀਤੀ ਮਿਨਆਈਓਐਨ ਐਮ.ਕੇ. 1 ਸੀ ਪ੍ਰਾਪਤ ਹੋਈ ਹੈ। ਮਿਨਆਈਓਐਨ ਇੱਕ ਵਿਸ਼ੇਸ਼ ਸੰਖੇਪ ਅਤੇ ਪੋਰਟੇਬਲ ਯੂ.ਐਸ.ਬੀ. ਦੁਆਰਾ ਸੰਚਾਲਿਤ ਉਪਕਰਣ ਹੈ ਜੋ ਡੀ.ਐਨ.ਏ. ਅਤੇ ਆਰ.ਐਨ.ਏ. ਦੋਵਾਂ ਦੇ ਰੀਅਲ-ਟਾਈਮ ਵਿਸ਼ਲੇਸ਼ਣ ਜ਼ਰੀਏ ਨਤੀਜਿਆਂ ਤੱਕ ਤੁਰੰਤ ਪਹੁੰਚ ਕਰਨ ਦੀ ਸਹੂਲਤ ਦਿੰਦਾ ਹੈ। ਜੀਨੋਮ ਸੀਕਵੈਂਸਰ ਅਤੇ ਸਹਾਇਕ ਉਪਕਰਣ ਇੱਕ ਯੂ.ਐਸ. ਅਧਾਰਤ ਗੈਰ-ਮੁਨਾਫ਼ਾ ਸੰਗਠਨ, ਪਾਥ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ ਕੋਵਿਡ -19 ਰਿਸਪਾਂਸ ਸਪੋਰਟ ਦੇ ਹਿੱਸੇ ਵਜੋਂ ਦਾਨ ਕੀਤੇ ਗਏ ਹਨ।
ਵੀ.ਆਰ.ਡੀ.ਐਲ., ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਇੰਚਾਰਜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਡਾ. ਰੁਪਿੰਦਰ ਬਖਸ਼ੀ ਅਤੇ ਉਨ੍ਹਾਂ ਦਾ ਸਟਾਫ ਪਿਛਲੇ ਸਾਲ ਮਾਰਚ ਵਿੱਚ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਸੂਬੇ ਦੀ ਅਣਥੱਕ ਸੇਵਾ ਕਰ ਰਹੇ ਹਨ। ਇਸ ਲੈਬ ਨੂੰ ਆਈ.ਸੀ.ਐਮ.ਆਰ. ਵੱਲੋਂ ਸਮੁੱਚੇ ਭਾਰਤ ਵਿੱਚ ਕੋਵਿਡ-19 ਆਰ.ਟੀ.-ਪੀ.ਸੀ.ਆਰ. ਟੈਸਟਿੰਗ ਸਮਰੱਥਾ ਵਿੱਚ ਲੈਬ ਨੂੰ ਸਿਖ਼ਰਲੀਆਂ 5 ਲੈਬਾਂ ਵਿੱਚ ਮਾਨਤਾ ਦਿੱਤੀ ਗਈ ਹੈ। ਲੈਬ ਦੀ ਮੌਜੂਦਾ ਸਮਰੱਥਾ ਨੂੰ ਵਧਾਉਣ ਲਈ, ਇੰਚਾਰਜ ਡਾ. ਬਖਸ਼ੀ ਸਮੇਤ ਰਿਸਰਚ ਅਸਿਸਟੈਂਟਸ ਅਤੇ ਮਾਈਕਰੋਬਾਇਓਲੋਜਿਸਟਸ ਦੀ ਇੱਕ ਟੀਮ, ਬੰਗਲੌਰ ਅਧਾਰਤ ਸੀਕੁਐਂਸਿੰਗ ਰਿਸਰਚ ਹੱਬ, ਜੀਨੋਟਾਈਪਿਕਸ ਦੇ ਮਾਹਰਾਂ ਦੀ ਟੀਮ ਵੱਲੋਂ ਕੋਵਿਡ-19 ਜੀਨੋਮ ਸੀਕੁਐਂਸਿੰਗ ਸਬੰਧੀ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ। ਸੂਬੇ ਨੇ ਕੇਂਦਰੀ ਸੀਕੁਐਂਸਿੰਗ ਕੋਨਸੋਰਟਿਅਮ ਦਾ ਹਿੱਸਾ ਬਣਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ।