ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਬੁੱਢੇ ਨਾਲੇ ਦੀ ਤਰਜ਼ ਉਤੇ ਤੁੰਗ ਢਾਬ ਡਰੇਨ ਨੂੰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ – ਔਜਲਾ ਪ੍ਰਮੁੱਖ ਪ੍ਰਿੰਸੀਪਲ ਸਕੱਤਰ 2 ਮਹੀਨਿਆਂ ਵਿੱਚ ਮੰਗੀ ਰਿਪੋਰਟ ਅੰਮ੍ਰਿਤਸਰ 19 ਅਗਸਤ 2021–
ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਵੱਲੋਂ ਸ਼ਹਿਰ ਦੀ ਤੁੰਗ ਢਾਬ ਡਰੇਨ, ਜੋ ਕਿ ਪ੍ਰਦੂਸ਼ਣ ਕਾਰਨ ਲਗਾਤਾਰ ਚਰਚਾ ਵਿਚ ਰਹਿੰਦੀ ਹੈ, ਦਾ ਪੱਤਾ ਹੱਲ ਹੁੰਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀ ਆਪਣੇ ਘਰ ਆਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਤੁੰਗ ਢਾਬ ਡਰੇਨ ਦਾ ਮੁੱਦਾ ਬੜੀ ਗੰਭੀਰਤਾ ਨਾਲ ਚੁੱਕੇ ਜਾਣ ਮਗਰੋਂ ਅੱਜ ਵੀਰਵਾਰ ਨੂੰ ਮੁੱਖ ਮੰਤਰੀ ਦੇ ਨਿਰਦੇਸ਼ ਉਤੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਇਸ ਵਿਸ਼ੇ ਤੇ ਉਚ ਪੱਧਰੀ ਮੀਟਿੰਗ ਕੀਤੀ। ਜਿਸ ਵਿਚ ਮੇਅਰ ਸ: ਕਰਮਜੀਤ ਸਿੰਘ ਰਿੰਟੂ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਸੀਵਰੇਜ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਸ: ਔਜਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸਾਰੇ ਸਬੰਧਤ ਵਿਭਾਗ ਇਕ ਟੀਮ ਵਜੋਂ ਕੰਮ ਕਰਦੇ 2 ਮਹੀਨਿਆਂ ਵਿਚ ਤਕਨੀਕੀ ਪਹਿਲੂਆਂ ਨੂੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਵਿਕਲਪ ਦੇਣ, ਜਿਸ ਵਿਚ ਕਿਸੇ ਵੀ ਧਿਰ ਨੂੰ ਪਰੇਸ਼ਾਨ ਕੀਤੇ ਬਿਨਾਂ ਇਸ ਦੇ ਪ੍ਰਦੂਸ਼ਣ ਦਾ ਮਸਲਾ ਹੱਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਸ੍ਰੀ ਸੁਰੇਸ਼ ਕੁਮਾਰ ਨੇ ਇਸ ਮੁੱਦੇ ਤੇ ਹੋਈ ਦੇਰੀ ਦਾ ਕਾਰਨ ਵੀ ਪੁੱਛਿਆ ਅਤੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨਾ ਚਾਹੁੰਦੇ ਹਨ, ਸੋ ਇਨਾਂ ਸਾਰੇ ਵਿਸ਼ਿਆਂ ਨੂੰ ਧਿਆਨ ਵਿਚ ਰੱਖਦੇ ਸਮੇਂ ਦਾ ਧਿਆਨ ਰੱਖਦੇ ਹੋਏ ਅਜਿਹੀ ਰਿਪੋਰਟ ਪੇਸ਼ ਕਰਨ ਜੋ ਜ਼ਮੀਨੀ ਪੱਧਰ ਉਤੇ ਲਾਗੂ ਕੀਤੀ ਜਾ ਸਕੇ।
ਸ: ਔਜਲਾ ਨੇ ਦੱਸਿਆ ਕਿ ਮੈਂ ਬਤੌਰ ਕੌਂਸਲਰ ਵੀ ਤੁੰਗ ਢਾਬ ਡਰੇਨ ਦਾ ਮੁੱਦਾ ਸਰਕਾਰ ਕੋਲ ਚੁੱਕਦਾ ਰਿਹਾ ਹਾਂ ਅਤੇ ਬੀਤੇ ਸੈਸ਼ਨ ਵਿਚ ਲੋਕ ਸਭਾ ਵਿਚ ਵੀ ਇਹ ਮੁੱਦਾ ਉਠਾਇਆ ਸੀ। ਉਨਾਂ ਦੱਸਿਆ ਕਿ ਹੁਣ ਜਿਸ ਦਿਨ ਮੁੱਖ ਮੰਤਰੀ ਪੰਜਾਬ ਮੇਰੀ ਰਿਹਾਇਸ਼ ਉਤੇ ਆਏ ਸਨ, ਤਾਂ ਉਸ ਦਿਨ ਵੀ ਮੇਰੀ ਇਕੋ-ਇਕ ਮੰਗ ਤੁੰਗ ਢਾਬ ਨਾਲਾ ਹੀ ਸੀ। ਜਿਸ ਦਾ ਹੱਲ ਕਰਨ ਦਾ ਵਾਅਦਾ ਕਰਦੇ ਉਨਾਂ ਮੀਟਿੰਗ ਰਖਾਈ ਸੀ, ਜੋ ਕਿ ਅੱਜ ਚੰਡੀਗੜ੍ਹ ਵਿਚ ਹੋਈ ਹੈ। ਉਨਾਂ ਆਸ ਪ੍ਰਗਟਾਈ ਕਿ ਛੇਤੀ ਹੀ ਇਸ ਗੰਦੇ ਨਾਲੇ ਦੇ ਪ੍ਰਦੂਸ਼ਣ ਤੋਂ ਅੰਮ੍ਰਿਤਸਰ ਵਾਸੀਆਂ ਨੂੰ ਮੁੱਕਤੀ ਮਿਲੇਗੀ ਅਤੇ ਇਸ ਦਾ ਅਜਿਹਾ ਹੱਲ ਲੱਭਿਆ ਜਾਵੇਗਾ ਜਿਸ ਨਾਲ ਕੋਈ ਧਿਰ ਤੰਗ ਵੀ ਨਾ ਹੋਵੇ।
ਕੈਪਸ਼ਨ : ਚੰਡੀਗੜ੍ਹ ਵਿਚ ਤੁੰਗ ਢਾਬ ਬਾਰੇ ਮੀਟਿੰਗ ਕਰਦੇ ਸ੍ਰੀ ਸੁਰੇਸ਼ ਕੁਮਾਰ। ਨਾਲ ਹਨ ਸ: ਗੁਰਜੀਤ ਸਿੰਘ ਔਜਲਾ ਅਤੇ ਮੇਅਰ ਸ: ਕਰਮਜੀਤ ਸਿੰਘ ਰਿੰਟੂ।
===–




