ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਵਿਰੁੱਧ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ ਦੇ ਕੀਤੇ ਫੈਸਲੇ ਤੋਂ ਬਾਅਦ ਅੱਜ ਸਵੇਰੇ ਮੁੰਬਈ ਤੋਂ ਚੱਲੀ ਗੋਲਡਨ ਟੈਂਪਲ ਐਕਸਪ੍ਰੈਸ ਜਿਲਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਪਹੁੰਚ ਗਈ। ਕਿਸਾਨ ਮਜਦੂਰ ਯੂਨੀਅਨ ਜੋ ਕਿ ਬਾਕੀ ਯੂਨੀਅਨਾਂ ਤੋਂ ਵੱਖ ਹੋ ਕੇ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣ ਲਈ ਡਟੀ ਹੋਈ ਹੈ, ਦੇ ਮੈਂਬਰ ਰਾਤ ਭਰ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਉਪਰ ਬੈਠੇ ਰਹੇ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ ਐਸ ਪੀ ਸ੍ਰੀ ਧੁਰਵ ਦਾਹੀਆ ਵੱਲੋਂ ਦੇਰ ਰਾਤ ਅਤੇ ਮੁੜ ਤੜਕੇ ਕਰੀਬ 4 ਵਜੇ ਜੰਡਿਆਲਾ ਰੇਲਵੇ ਸਟੇਸ਼ਨ ਉਤੇ ਪਹੁੰਚ ਕੇ ਪਟੜੀ ਉਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਦੇ ਹਿੱਤਾਂ ਅਤੇ ਮੁਸਾਫਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਗੱਡੀ ਨੂੰ ਰਸਤਾ ਦੇਣ ਦੀ ਅਪੀਲ ਕੀਤੀ ਗਈ, ਪਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਆਪਣੀ ਗੱਲ ਉਤੇ ਅੜੇ ਰਹੇ। ਉਨਾਂ ਵੱਲੋਂ ਰਸਤਾ ਨਾ ਦੇਣ ਉਤੇ ਡਿਪਟੀ ਕਮਿਸ਼ਨਰ ਸ. ਖਹਿਰਾ ਵੱਲੋਂ ਰੇਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਆਸ ਸਟੇਸ਼ਨ ਉਤੇ ਰੇਲ ਗੱਡੀ ਨੂੰ ਰੋਕ ਲਿਆ ਗਿਆ
ਡਿਪਟੀ ਕਮਿਸ਼ਨਰ ਸ. ਖਹਿਰਾ, ਐਸ ਐਸ ਪੀ ਸ੍ਰੀ ਦਾਹੀਆ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਵੀ ਕਰੀਬ 6 ਵਜੇ ਬਿਆਸ ਸਟੇਸ਼ਨ ਪੁੱਜੇ। ਜਿਲਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਨੂੰ ਅੰਮ੍ਰਿਤਸਰ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪਰ ਫਿਰ ਰੇਲਵੇ ਤਰਨਤਾਰਨ ਰਸਤੇ ਗੱਡੀ ਅੰਮ੍ਰਿਤਸਰ ਤੱਕ ਭੇਜਣ ਲਈ ਰਾਜੀ ਹੋ ਗਿਆ, ਜਿਸ ਕਾਰਨ ਇਹ ਗੱਡੀ ਵਾਇਆ ਤਰਨਤਾਰਨ ਹੁੰਦੀ ਕਰੀਬ ਪੌਣੇ ਨੌ ਵਜੇ ਅੰਮ੍ਰਿਤਸਰ ਪਹੁੰਚ ਗਈ, ਜਿਥੇ ਫਿਰ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਮੁਸਾਫਰਾਂ ਦੀ ਸਾਰ ਲੈਣ ਲਈ ਪਹੁੰਚੇ ਹੋਏ ਸਨ। ਇਥੇ ਜਿਲਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਲਈ ਚਾਹ-ਬਿਸਕੁਟ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨਾਂ ਨੂੰ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀਰੇਲਵੇ ਸਟੇਸ਼ਨ ਉਤੇ ਪ੍ਰੈਸ ਨਾਲ ਗੱਲਬਾਤ ਕਰਦੇ ਮੁਸਾਫਰਾਂ ਨੇ ਆਈ ਪਰੇਸ਼ਾਨੀ ਦਾ ਜ਼ਿਕਰ ਕਰਦੇ ਕਿਹਾ, ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਪਰ ਇਸ ਤਰਾਂ ਰੇਲ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਇਜ਼ ਨਹੀਂ। ਬਹੁਤੇ ਮਸਾਫਿਰਾਂ ਦਾ ਤਰਕ ਸੀ, ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਨਾ ਕਿ ਪੰਜਾਬ ਸਰਕਾਰ ਨਾਲ। ਇਸ ਲਈ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਜਾ ਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਨੁਕਸਾਨ ਨਾ ਹੋਵੇ