ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ

0
225

1 ਜਨਵਰੀ (2021) – ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣਾਉਣ ਦੇ ਮੰਤਵ ਨਾਲ, ਉਹਨਾਂ ਨੂੰ ਮੁਫ਼ਤ ਕੋਚਿੰਗ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਕਲਾਸਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਕਰਵਾਈ ਗਈ ਸੀ। ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸ਼੍ਰੀ ਹੰਸ ਨੇ ਅੱਜ ਏਥੇ ਕੋਚਿੰਗ ਲੈ ਰਹੇ ਸਿਖਿਆਰਥੀਆਂ ਨੂੰ ਆਪਣੇ ਖਰਚੇ ਉੱਤੇ (ਹਰੇਕ ਬੱਚੇ ਨੂੰ) ਡਿਕਸ਼ਨਰੀ ਅਤੇ ਨਕਸ਼ੇ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਹੋਰ ਹਾਜ਼ਰ ਸਨ। 

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਮੋਗਾ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਕੋਚਿੰਗ ਸ਼ੁਰੂ ਕਰਵਾਈ ਗਈ ਹੈ, ਇਸ ਮੰਤਵ ਲਈ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਵਿਚ ਪੜ੍ਹ ਰਹੇ ਤਕਰੀਬਨ 30 ਲੜਕਿਆਂ ਦਾ ਇੱਕ ਬੈਚ ਤਿਆਰ ਕੀਤਾ ਗਿਆ ਹੈ। ਇਹ ਕੋਚਿੰਗ ਸਰਕਾਰੀ ਸਕੂਲਾਂ ਦੇ ਵੱਖ ਵੱਖ ਵਿਸ਼ਾ ਮਾਹਿਰ ਅਧਿਆਪਕਾ ਵੱਲੋਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਪ੍ਰਵੇਸ਼ ਪ੍ਰੀਖਿਆ 17 ਜਨਵਰੀ ਨੂੰ ਹੋਵੇਗੀ। ਜਿਸ ਲਈ ਇਹ ਬੱਚੇ ਰੋਜ਼ਾਨਾ 2 ਘੰਟੇ ਕਲਾਸ ਲਗਾ ਰਹੇ ਹਨ। ਕੋਚਿੰਗ ਦੌਰਾਨ ਬੱਚਿਆਂ ਨੂੰ ਇਕਾਂਤ ਅਤੇ ਸ਼ਾਂਤ ਮਾਹੌਲ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚਿਆਂ ਦੀ ਹਰ ਤਰ੍ਹਾਂ ਦੀ ਲੋੜ੍ਹ ਪੂਰੀ ਕਰਨ ਅਤੇ ਚੰਗੀ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਕੋਚਿੰਗ ਦੀ ਸ਼ੁਰੂਆਤ ਮੌਕੇ ਸ਼੍ਰੀ ਹੰਸ ਨੇ ਆਪਣੇ ਖਰਚੇ ਉੱਤੇ ਹਰੇਕ ਬੱਚੇ ਨੂੰ ਡਿਕਸ਼ਨਰੀ ਅਤੇ ਨਕਸ਼ੇ ਦੇਣ ਦਾ ਐਲਾਨ ਕੀਤਾ ਸੀ। ਉਹਨਾਂ ਬੱਚਿਆਂ ਨੂੰ ਕਿਹਾ ਕਿ ਜੇਕਰ ਉਹ ਜ਼ਿੰਦਗੀ ਵਿਚ ਕੁਝ ਬਣਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਟੀਚੇ ਨਿਰਧਾਰਤ ਕਰਨਗੇ ਚਾਹੀਦੇ ਹਨ। ਦ੍ਰਿੜ੍ਹ ਇੱਛਾ ਅਤੇ ਉੱਚ ਮਨੋਬਲ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਿਹਨਤ ਤੋਂ ਬਿਨਾ ਕਿਸੇ ਵੀ ਤਰੀਕੇ ਦੇ ਸ਼ਾਰਟਕਟ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੂੰ ਕਿਹਾ ਕਿ ਇਹਨਾਂ ਬੱਚਿਆਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਇਹਨਾਂ ਬੱਚਿਆਂ ਦੀ ਚੋਣ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਹੋ ਜਾਂਦੀ ਹੈ ਤਾਂ ਇਹਨਾਂ ਬੱਚਿਆਂ ਦਾ ਦੇਸ਼ ਦੀਆਂ ਸਰਬੋਤਮ ਸੁਰੱਖਿਆ ਫੌਜਾਂ ਦਾ ਹਿੱਸਾ ਬਣਨਾ ਤੈਅ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਵੇਂ ਇਸ ਵਾਰ 30 ਬੱਚਿਆਂ ਦੇ ਬੈਚ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ, ਉਵੇਂ ਹੀ ਅਗਲੇ ਸਾਲ ਤੋਂ ਹੋਰ ਜਿਆਦਾ ਬੱਚਿਆਂ ਨੂੰ ਇਹ ਕੋਚਿੰਗ ਦਿਵਾਈ ਜਾਵੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਵਿੱਚ ਸ਼ਾਮਿਲ ਕਰਵਾਇਆ ਜਾ ਸਕੇ।