ਕੈਪਟਨ ਸਮਾਰਟ ਕੋਨੈਕਟ ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਗਏ

0
185

ਅੱਜ ਜਦੋਂ ਕੈਪਟਨ ਸਮਾਰਟ ਕੋਨੈਕਟ
ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਗਏ ਤਾਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਬੱਚਿਆਂ ਨਾਲ ਕੁਝ ਸਮਾਂ ਬਿਤਾਉਣ ਅਤੇ ਉਹਨਾਂ ਦੀ ਕਲਾਸ ਲਗਾਉਣ ਦੀ ਇੱਛਾ ਜ਼ਾਹਿਰ ਕੀਤੀ। ਜਿਸ ਨਾਲ ਬੱਚਿਆਂ ਦੀ ਅਵਸਥਾ ਪੂਰੀ ਤਰ੍ਹਾਂ ਆਨੰਦਿਤ ਹੋ ਗਈ।
ਉਪ ਮੰਡਲ ਮੈਜਿਸਟਰੇਟ ਮੋਗਾ ਅਤੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬੱਚਿਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਹੰਸ ਨੇ ਬੱਚਿਆਂ ਨੂੰ ਪ੍ਰੇਰਿਆ ਕਿ ਉਹਨਾਂ ਨੂੰ ਰੋਜ਼ਾਨਾ ਅਖਬਾਰਾਂ ਅਤੇ ਸਿਲੇਬਸ ਤੋਂ ਉਪਰ ਜਾ ਕੇ ਹੋਰ ਗਿਆਨਵਰਧਕ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਜੀਵਨ ਨੂੰ ਵਧੀਆ ਤਰੀਕੇ ਨਾਲ ਜੀਣ ਦੀ ਜਾਚ ਵੀ ਆਉਂਦੀ ਹੈ।
ਉਹਨਾਂ ਬੱਚਿਆਂ ਨੂੰ ਕਿਹਾ ਕਿ ਜੀਵਨ ਵਿੱਚ ਅੱਗੇ ਵਧਣ ਲਈ ਸ਼ਾਰਟਕੱਟ ਦੀ ਬਿਜਾਏ ਮਿਹਨਤ ਦਾ ਪੱਲਾ ਫੜ੍ਹਿਆ ਜਾਵੇ। ਵਿਸ਼ਵ ਦੇ ਸਾਰੇ ਸਫਲ ਇਨਸਾਨਾਂ ਦੀ ਸਫ਼ਲਤਾ ਦਾ ਸੂਤਰ ਸਖਤ ਮਿਹਨਤ ਹੀ ਬਣਿਆ ਹੈ। ਇਸ ਮੌਕੇ ਉਹਨਾਂ ਬੱਚਿਆਂ ਨਾਲ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉਹਨਾਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਲਈ। ਜਿਆਦਾਤਰ ਬੱਚਿਆਂ ਵੱਲੋਂ ਪੜ੍ਹਾਈ ਖਤਮ ਕਰਨ ਉਪਰੰਤ ਫੌਜ ਦਾ ਅੰਗ ਬਣਨ ਦੀ ਇੱਛਾ ਜ਼ਾਹਿਰ ਕਰਨ ਉੱਤੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਟੀਚਾ ਪ੍ਰਾਪਤ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ।