ਠੰਡ ਦੇ ਦਿਨਾਂ ਵਿੱਚ ਗ਼ਰੀਬ ਲੋਕ ਅਕਸਰ ਹੀ ਅੰਗੀਠੀ ਦਾ ਸਹਾਰਾ ਲੈਂਦੇ ਹਨ। ਪਰ ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋਂ ਕਰਨਾ ਜਾਨਲੇਵਾ ਵੀ ਹੋ ਸਕਦੀ ਹੈ। ਇਸੇ ਤਰਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਹਾਮਦਵਾਲਾ ਉਤਾਡ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਸਮੇਤ 2 ਮਾਸੂਮ ਬੱਚਿਆਂ ਦੀ ਰਾਤ ਵੇਲੇ ਬੰਦ ਕਮਰੇ ਵਿੱਚ ਰੱਖੀ ਅੰਗੀਠੀ ਦਾ ਜ਼ਹਿਰੀਲੀ ਧੂੰਆਂ ਯਾਨੀ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਨਾਲ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਰਾਜਵੀਰ ਕੌਰ (ਉਮਰ 35 ਸਾਲ) ਪਤਨੀ ਜਗਜੀਤ ਸਿੰਘ ਅਤੇ ਉਸ ਦੇ ਬੱਚੇ ਸਾਹਿਲਪ੍ਰੀਤ ਸਿੰਘ ਉਮਰ ਤਕਰੀਬਨ 12 ਸਾਲ ਅਤੇ ਦੂਸਰਾ ਲੜਕਾ ਏਕਮਪ੍ਰੀਤ ਸਿੰਘ ਉਮਰ 5 ਸਾਲ ਜਿਨ੍ਹਾਂ ਬੀਤੀ ਰਾਤ ਸੌਣ ਤੋਂ ਪਹਿਲਾਂ ਠੰਢ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਇੱਕ ਅੰਗੀਠੀ ਰੱਖੀ ਹੋਈ ਸੀ। ਰਾਤ ਬਲੀ ਅੰਗੀਠੀ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਗਈ ਅਤੇ ਅੰਗੀਠੀ ਕਾਰਨ ਹੋਏ ਕਾਰਬਨ ਮੋਨੋਆਕਸਾਈਡ ਗੈਸ ਦੀ ਮਾਤਰਾ ਵਧਣ ਕਰਕੇ ਤਿੰਨਾ ਦੀ ਸੁੱਤੇ ਪਿਆਂ ਦੀ ਮੌਤ ਹੋ ਗਈ ।
ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ,ਮ੍ਰਿਤਕਾ ਦੇ ਸਹੁਰੇ ਕੇਵਲ ਸਿੰਘ ਨੇ ਦਸਿਆ ਕਿ ਜਗਜੀਤ ਸਿੰਘ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਦੀਆਂ ਧਾਰਾ ਕਢਣ ਲਈ ਨਾ ਉੱਠਣ ਤੇ ਮੈਂ ਆਪਣੇ ਵੱਡੇ ਪੁੱਤਰ ਸਤਨਾਮ ਸਿੰਘ ਨੂੰ ਅਵਾਜ਼ ਮਾਰੀ ਤਾਂ ਉਨ੍ਹਾਂ ਵਲੋਂ ਜਦੋਂ ਦਰਵਾਜਾ ਖੜਕਾਇਆ ਤਾਂ ਦਰਵਾਜ਼ਾ ਨਾ ਖੁੱਲਣ ਕਾਰਨ ਜਦੋਂ ਦਰਵਾਜ਼ੇ ਦੇ ਬੰਦ ਲੋਕ ਨੂੰ ਪੇਜਕਸ ਨਾਲ ਲੋਕ ਖੋਲ੍ਹਿਆ ਤਾਂ ਅੰਦਰ ਤਿੰਨਾਂ ਜੀਆ ਦੀਆਂ ਲਾਸ਼ਾਂ ਪਈਆਂ ਸਨ।ਇਸ ਦੀ ਸੂਚਨਾ ਤਰੁੰਤ ਪੁਲਿਸ ਥਾਣਾ ਮੱਲਾ ਵਾਲਾ ਨੂੰ ਦੇ ਦਿੱਤੀ ਗਈ । ਸੂਚਨਾ ਮਿਲਣ ਤੇ ਥਾਣਾ ਮੁਖੀ ਬਲਰਾਜ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਮੁਆਇਨਾ ਕੀਤਾ ਗਿਆ । ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਲਾਸ਼ਾਂ ਕਬਜੇ ਵਿਚ ਲੈਕੇ 174 ਦੀ ਕਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।